ਆਜ਼ਾਦੀ ਘੁਲਾਟੀਏ ਅਤੇ ਪਹਿਲੇ ਪਸਮਾਂਦਾ ਅੰਦੋਲਨ ਦੇ ਜਨਕ, ਮੌਲਾਨਾ ਅਲੀ ਹੁਸੈਨ ” ਆਸਿਮ ਬਿਹਾਰੀ” ਜਨਮ 15 ਅਪ੍ਰੈਲ 1890- ਮੌਤ 6 ਦਿਸੰਬਰ 1953.
ਮੌਲਾਨਾ ਅਲੀ ਹੁਸੈਨ “ਆਸਿਮ ਬਿਹਾਰੀ” ਦਾ ਜਨਮ 15 ਅਪ੍ਰੈਲ 1890 ਨੂੰ ਮੁਹੱਲਾ ਖਾਸ ਗੰਜ, ਬਿਹਾਰ ਸ਼ਰੀਫ, ਜ਼ਿਲ੍ਹਾ ਨਾਲੰਦਾ, ਬਿਹਾਰ ਵਿੱਚ ਇੱਕ ਦੀਨਦਾਰ (ਧਾਰਮਿਕ) ਗਰੀਬ ਪਸਮਾਂਦਾ ਬੁਨਕਰ ਪਰਿਵਾਰ ਵਿੱਚ ਹੋਇਆ ਸੀ.
1906 ਵਿੱਚ 16 ਸਾਲ ਦੀ ਉਮਰ ਵਿੱਚ ਊਸ਼ਾ ਕੰਪਨੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ. ਨੌਕਰੀ ਦੇ ਨਾਲ਼ ਨਾਲ਼ ਅਧਿਐਨ (ਪੜ੍ਹਾਈ ਲਿਖਾਈ) ਵੀ ਜ਼ਾਰੀ ਰੱਖੀ. ਆਪ ਕਈ ਪ੍ਰਕਾਰ ਦੇ ਅੰਦੋਲਨਾਂ ਵਿੱਚ ਵਿੱਚ ਕਾਰਜਸ਼ੀਲ ਰਹੇ. ਆਪਨੇ ਪਾਬੰਦੀ ਅਤੇ ਬੇਚਾਰਗੀ ਵਾਲ਼ੀ ਨੌਕਰੀ ਛੱਡ ਦਿੱਤੀ ਅਤੇ ਜੀਵਿਕਾ ਕਮਾਉਣ ਲਈ ਬੀੜੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ.
ਆਪ ਜੀ ਨੇ ਬੀੜੀ ਮਜ਼ਦੂਰ ਸਾਥੀਆਂ ਦੀ ਇੱਕ ਟੀਮ ਤਿਆਰ ਕੀਤੀ, ਜਿਸ ਨਾਲ਼ ਰਾਸ਼ਟਰ ਅਤੇ ਸਮਾਜ ਦੇ ਮੁੱਦਿਆਂ ਤੇ ਲੇਖ ਲਿਖ ਕੇ ਸੁਣਾਉਣਾ ਅਤੇ ਵਿਚਾਰ ਚਰਚਾ ਕਰਨਾ ਆਪ ਜੀ ਦੀ ਰੂਟੀਨ ਦਾ ਹਿੱਸਾ ਸੀ.
ਸੰਨ 1908-09 ਵਿੱਚ ਮੌਲਾਨਾ ਹਾਜ਼ੀ ਅਬਦੁਲ ਜੱਬਾਰ ਸ਼ੇਖਪੁਰਵੀ ਨੇ ਇੱਕ ਪਸਮਾਂਦਾ ਸੰਗਠਨ ਬਣਾਉਣ ਦੀ ਕੋਸ਼ਿਸ਼ ਕੀਤੀ, ਜੋ ਕਾਮਯਾਬ ਨਾ ਹੋ ਸਕੀ, ਇਸ ਗੱਲ ਦਾ ਆਪ ਜੀ ਨੂੰ ਡੂੰਘਾ ਸਦਮਾ ਪੁੱਜਾ.
1911 ਈਸਵੀ ਵਿੱਚ ” ਤਾਰੀਖ-ਏ-ਮਿਨਵਾਲ ਵ ਅਹਲਹੂ”, ਜੋ ਕਿ ਬੁਨਕਰਾਂ ਦੇ ਇਤਿਹਾਸ ਨਾਲ਼ ਸਬੰਧਤ ਹੈ, ਪੜ੍ਹਨ ਤੋਂ ਬਾਅਦ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ਼ ਭਵਿੱਖ ਦੇ ਸੰਘਰਸ਼ ਲਈ ਤਿਆਰ ਕਰ ਲਿਆ.
22 ਸਾਲ ਦੀ ਉਮਰ ਵਿੱਚ, ਵੱਡੀ ਉਮਰ ਦੇ ਲੋਕਾਂ ਦੀ ਤਾਲੀਮ ਦੇ ਲਈ ਇਕ ਪੰਜ ਸਾਲਾ (1912-1917) ਯੋਜਨਾ ਸ਼ੁਰੂ ਕੀਤੀ.
ਇਸ ਸਮੇਂ ਦੌਰਾਨ ਵੀ ਜਦ ਆਪਣੇ ਘਰ ਬਿਹਾਰ ਸ਼ਰੀਫ਼ ਜਾਂਦੇ, ਤਾਂ ਉੱਥੇ ਵੀ ਛੋਟੀਆਂ ਛੋਟੀਆਂ ਬੈਠਕਾਂ ਦੁਆਰਾ ਲੋਕਾਂ ਨੂੰ ਜਾਗਰੂਕ ਕਰਦੇ ਰਹੇ.
1914 ਈਸਵੀ, ਜਦ ਆਪਜੀ ਦੀ ਉਮਰ ਸਿਰਫ 24 ਸਾਲ ਸੀ, ਆਪਣੇ ਘਰੇਲੂ ਮੁਹੱਲੇ ਖਾਸਗੰਜ, ਬਿਹਾਰ ਸ਼ਰੀਫ਼, ਜਿਲ੍ਹਾ ਨਾਲੰਦਾ, ਵਿੱਚ ਬਜ਼ਮ-ਏ-ਅਦਬ (ਸਾਹਿਤ ਸਭਾ) ਨਾਮਕ ਸੰਸਥਾ ਦੀ ਸਥਾਪਨਾ ਕੀਤੀ ਜਿਸਦੇ ਤਹਿਤ ਇੱਕ ਲਾਇਬ੍ਰੇਰੀ ਵੀ ਸੰਚਾਲਿਤ ਕੀਤੀ ਗਈ.
1918 ਈਸਵੀ ਵਿੱਚ ਕੋਲਕਾਤਾ ਵਿੱਚ “ਦਾਰੂਲ ਮੁਜ਼ਾਕਰਾ” (ਚਰਚਾ/ ਵਾਰਤਾਲਾਪ ਕਰਨ ਦੀ ਥਾਂ) ਨਾਮਕ ਇੱਕ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ,ਜਿੱਥੇ ਕਿ ਮਜ਼ਦੂਰ ਪੇਸ਼ਾ ਨੌਜਵਾਨ ਅਤੇ ਹੋਰ ਲੋਕ ਸ਼ਾਮ ਨੂੰ ਇਕੱਠੇ ਹੋਕੇ ਪੜ੍ਹਨ ਲਿਖਣ ਅਤੇ ਸਮੇਂ ਦੀਆਂ ਸਥਿਤੀਆਂ (,ਹਾਲਾਤ-ਏ-ਹਾਜ਼ਰਾ) ਤੇ ਚਰਚਾ ਕਰਿਆ ਕਰਦੇ ਸਨ, ਕਦੇ ਕਦੇ ਸਾਰੀ ਰਾਤ ਹੀ ਵਿਚਾਰਾਂ ਕਰਨ ਵਿੱਚ ਗੁਜਰ ਜਾਂਦੀ ਸੀ.
1919 ਈਸਵੀ ਵਿੱਚ ਜਦ ਜਲਿਆਂਵਾਲਾ ਬਾਗ ਹੱਤਿਆਕਾਂਡ ਉਪਰੰਤ, ਲਾਲਾ ਲਾਜਪਤ ਰਾਏ, ਮੌਲਾਨਾ ਆਜ਼ਾਦ ਆਦਿ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਤਾਂ ਉਹਨਾਂ ਨੇਤਾਵਾਂ ਦੀ ਰਿਹਾਈ ਲਈ ਰਾਸ਼ਟਰੀ ਪੱਧਰ ਦਾ ਪੱਤਰਾਚਾਰਿਕ ਵਿਰੋਧ (ਪੋਸਟਲ ਪ੍ਰੋਟੈਸਟ) ਸ਼ੁਰੂ ਕੀਤਾ, ਜਿਸ ਨਾਲ਼ ਪੂਰੇ ਦੇਸ਼ ਦੇ ਹਰ ਜ਼ਿਲ੍ਹੇ, ਹਰ ਕਸਬੇ, ਮੁਹੱਲੇ, ਪਿੰਡ, ਦੇਹਾਤ ਤੋਂ ਲਗਭੱਗ ਡੇਢ ਲੱਖ ਪੱਤਰ ਅਤੇ ਟੈਲੀਗ੍ਰਾਮ ਵਾਇਸਰਾਏ ਭਾਰਤ ਅਤੇ ਰਾਣੀ ਵਿਕਟੋਰੀਆ ਨੂੰ ਭੇਜੇ ਗਏ, ਆਖ਼ਿਰਕਾਰ ਇਹ ਮੁਹਿੰਮ ਕਾਮਯਾਬ ਹੋਈ, ਅਤੇ ਸਾਰੇ ਆਜ਼ਾਦੀ ਘੁਲਾਟੀਏ ਜੇਲ੍ਹ ਤੋਂ ਬਾਹਰ ਆਏ.
1920 ਈਸਵੀ ਵਿੱਚ, ਤੰਤੀ ਬਾਗ਼ ਕੋਲਕਾਤਾ ਵਿੱਚ “ਜ਼ਮੀਯਤੁਲ ਮੋਮੀਨੀਨ” ਨਾਮਕ ਸੰਗਠਨ ਬਣਾਇਆ, ਜਿਸਦਾ ਪਹਿਲਾ ਅਧਿਵੇਸ਼ਨ 10 ਮਾਰਚ 1920 ਈਸਵੀ ਨੂੰ ਸੰਪਨ ਹੋਇਆ ਜਿਸ ਵਿੱਚ ਮੌਲਾਨਾ ਆਜ਼ਾਦ ਨੇ ਵੀ ਭਾਸ਼ਣ ਦਿੱਤਾ.
ਅਪ੍ਰੈਲ 1921 ਈਸਵੀ ਵਿੱਚ ਦੀਵਾਰੀ ਅਖਬਾਰ “ਅਲਮੋਮਿਨ” ਦੀ ਪਰੰਪਰਾ ਨੂੰ ਸ਼ੁਰੂ ਕੀਤਾ, ਜਿਸ ਵਿੱਚ ਬੜੇ ਬੜੇ ਕਾਗਜ਼ ਦੇ ਟੁਕੜੇ ਤੇ ਲਿਖਕੇ ਦੀਵਾਰ ਨਾਲ਼ ਚਿਪਕਾ ਦਿੱਤਾ janda ਸੀ, ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਪੜ੍ਹ ਸਕਣ, ਜੋ ਕਿ ਕਾਫ਼ੀ ਮਕਬੂਲ ਹੋਇਆ.
10 ਦਿਸੰਬਰ 1921 ਈਸਵੀ ਨੂੰ ਤੰਤੀ ਬਾਗ਼ ਕੋਲਕਾਤਾ ਵਿੱਚ ਇੱਕ ਅਧਿਵੇਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਹਾਤਮਾ ਗਾਂਧੀ, ਮੌਲਾਨਾ ਜੌਹਰ, ਮੌਲਾਨਾ ਆਜ਼ਾਦ ਆਦਿ ਸ਼ਾਮਿਲ ਹੋਏ, ਇਸ ਵਿੱਚ ਲਗਭੱਗ 20 ਹਜ਼ਾਰ ਲੋਕਾਂ ਨੇ ਹਿੱਸਾ ਲਿਆ.
ਗਾਂਧੀ ਜੀ ਨੇ ਕਾਂਗਰਸ ਪਾਰਟੀ ਦੀਆਂ ਕੁਝ ਸ਼ਰਤਾਂ ਤੇ 1 ਲੱਖ ਦੀ ਬੜੀ ਰਕਮ ਸੰਗਠਨ ਨੂੰ ਦੇਣ ਦਾ ਪ੍ਰਸਤਾਵ ਰੱਖਿਆ, ਪਰੰਤੂ ਆਸਿਮ ਬਿਹਾਰੀ ਨੇ, ਅੰਦੋਲਨ ਦੀ ਸ਼ੁਰੂਆਤ ਵਿੱਚ ਹੀ ਸੰਗਠਨ ਨੂੰ ਕਿਸੇ ਵੀ ਪ੍ਰਕਾਰ ਦੀ ਰਾਜਨੀਤਕ ਬੰਦਿਸ਼ ਅਤੇ ਸਮਰਪਣ ਤੋਂ ਦੂਰ ਰੱਖਣਾ ਉਚਿੱਤ ਸਮਝਿਆ, ਅਤੇ ਇੱਕ ਲੱਖ ਦੀ ਵੱਡੀ ਆਰਥਿਕ ਸਹਾਇਤਾ, ਜਿਸਦੀ ਸੰਗਠਨ ਨੂੰ ਬਹੁਤ ਜ਼ਰੂਰਤ ਸੀ, ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ.
1922 ਦੇ ਸ਼ੁਰੂ ਵਿੱਚ ਸੰਗਠਨ ਨੂੰ ਅਖਿਲ ਭਾਰਤੀ ਰੂਪ ਦੇ ਇਰਾਦੇ ਨਾਲ ਪੂਰੇ ਭਾਰਤ ਦੇ ਪਿੰਡ, ਕਸਬੇ ਅਤੇ ਸ਼ਹਿਹ ਦੇ ਸਫ਼ਰ ਤੇ ਨਿੱਕਲ ਗਏ, ਸ਼ੁਰੂਆਤ ਬਿਹਾਰ ਤੋਂ ਕੀਤੀ ਗਈ. ਲਗਭੱਗ 6 ਮਹੀਨੇ ਦੇ ਦੌਰਿਆਂ ਤੋਂ ਬਾਅਦ 3 ਅਤੇ 4 ਜੂਨ 1922 ਈਸਵੀ ਨੂੰ ਬਿਹਾਰ ਸ਼ਰੀਫ਼ ਵਿੱਚ ਇੱਕ ਪ੍ਰਦੇਸ਼ ਪੱਧਰ ਦਾ ਸੰਮੇਲਨ ਆਯੋਜਿਤ ਕੀਤਾ ਗਿਆ.
ਇਸ ਸੰਮੇਲਨ ਦੇ ਖਰਚੇ ਦੇ ਲਈ ਜਦ ਚੰਦੇ ਦਾ ਇੰਤਜ਼ਾਮ ਨਹੀਂ ਹੋ ਰਿਹਾ ਸੀ ਅਤੇ ਸੰਮੇਲਨ ਦਾ ਦਿਨ ਨੇੜੇ ਆ ਰਿਹਾ ਸੀ, ਇਸ ਹਾਲਤ ਵਿੱਚ ਮੌਲਾਨਾ ਨੇ ਆਪਣੀ ਮਾਂ ਤੋਂ ਛੋਟੇ ਭਰਾ ਮੌਲਾਨਾ ਮਹਮੂਦੁਲ ਹਸਨ ਦੇ ਵਿਆਹ ਲਈ ਜੋੜੇ ਗਏ ਪੈਸੇ ਅਤੇ ਗਹਿਣੇ ਇਹ ਕਹਿ ਕੇ ਮੰਗ ਲਏ ਕਿ ਇੰਸਾਲ੍ਹਾ ਵਿਆਹ ਤੋਂ ਪਹਿਲਾਂ ਚੰਦੇ ਦੀ ਰਕਮ ਇਕੱਠੀ ਹੋ ਜਾਵੇਗੀ, ਰੁਪਏ ਅਤੇ ਗਹਿਣਿਆਂ ਦਾ ਇੰਤਜ਼ਾਮ ਹੋ ਜਾਵੇਗਾ, ਪਰ ਸਮਾਜ ਦੀ ਹਾਲਤ ਤੇ ਅਫ਼ਸੋਸ ਕਿ ਹਜ਼ਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਵਿਆਹ ਦੇ ਦਿਨ ਤਕ ਵੀ ਕੋਈ ਇੰਤਜ਼ਾਮ ਨਾ ਹੋ ਸਕਿਆ, ਆਖ਼ਿਰਕਾਰ ਅਤਿਅੰਤ ਸ਼ਰਮ ਮਹਿਸੂਸ ਕਰਦੇ ਹੋਏ ਖਾਮੋਸ਼ੀ ਦੇ ਨਾਲ਼ ਘਰੋਂ ਨਿੱਕਲ ਗਏ, ਮਾਂ ਨੇ ਬੁਲਾਵਾ ਭੇਜਿਆ, ਪਰ ਸ਼ਾਦੀ ਵਿੱਚ ਸ਼ਾਮਿਲ ਨਾ ਹੋ ਸਕੇ, ਇਸ ਲੱਜਾ ਅਤੇ ਅਪਮਾਨ ਦੇ ਬਾਵਜੂਦ ਵੀ ਕ੍ਰਾਂਤੀ ਦੇ ਜਨੂੰਨ ਵਿੱਚ ਕੋਈ ਕਮੀ ਨਹੀਂ ਆਈ.
ਰਜ਼ਾ-ਏ-ਮੌਲਾ ਪੇ ਹੋਕੇ ਰਾਜ਼ੀ, ਮੈਂ ਅਪਨੀ ਹਸਤੀ ਖੋ ਚੁੱਕਾ ਹੂੰ
ਅਬ ਉਸਕੀ ਮਰਜ਼ੀ ਹੈ ਅਪਨੀ ਮਰਜ਼ੀ, ਜੋ ਚਾਹੇ ਪਰਵਾਰ ਦੀਗਰ ਹੋਗਾ
(ਈਸ਼ਵਰ ਦੀ ਖੁਸ਼ੀ ਤੇ ਖੁਸ਼ ਹੋਕੇ, ਮੈਂ ਆਪਣੀ ਹਸਤੀ ਖੋ ਚੁੱਕਾ ਹਾਂ, ਹੁਣ ਉਸਦੀ ਇੱਛਾ ਹੀ ਮੇਰੀ ਇੱਛਾ, ਜੋ ਚਾਹੇ ਪਾਲਣਹਾਰ ਹੋਵੇਗਾ).
1923 ਈਸਵੀ ਤੋਂ ਦੀਵਾਰੀ ਅਖਬਾਰ ਇੱਕ ਪਤ੍ਰਿਕਾ “ਅਲਮੋਮਿਨ” ਦੇ ਰੂਪ ਵਿੱਚ ਪ੍ਰਕਾਸ਼ਿਤ ਹੋਣ ਲੱਗਾ.
9 ਜੁਲਾਈ 1923 ਈਸਵੀ ਨੂੰ ਮਦਰਸਾ ਮੋਇਨੁਲ ਇਸਲਾਮ, ਸੋਹਦੀਹ ਬਿਹਾਰ ਸ਼ਰੀਫ, ਜ਼ਿਲ੍ਹਾ ਨਾਲੰਦਾ, ਬਿਹਾਰ, ਵਿੱਚ ਸੰਗਠਨ (ਜਮੀਯਤੁਲ ਮੋਮਿਨਨ) ਦੀ ਇੱਕ ਸਥਾਨਿਕ ਬੈਠਕ ਦਾ ਆਯੋਜਨ ਕੀਤਾ ਗਿਆ ਸੀ. ਠੀਕ ਉਸੇ ਦਿਨ ਆਪਜੀ ਦੇ ਬੇਟੇ ਕਮਰੂਦੀਨ ਜਿਸਦੀ ਉਮਰ ਸਿਰਫ 6 ਮਹੀਨੇ 19 ਦਿਨ ਸੀ, ਦੀ ਮੌਤ ਹੋ ਗਈ. ਪਰ ਸਮਾਜ ਨੂੰ ਮੁੱਖਧਾਰਾ ਲਿਆਉਣ ਦੇ ਜਨੂੰਨ ਦਾ ਆਲਮ ਇਹ ਸੀ ਕਿ ਆਪਣੇ ਲਖ਼ਤੇ ਜਿਗਰ ਦੇ ਜਨਾਜੇ ਨੂੰ ਛੱਡ ਕੇ ਤੈਅ ਸਮੇਂ ਤੇ ਬੈਠਕ ਵਿੱਚ ਪਹੁੰਚ ਕੇ ਲਗਭੱਗ ਇੱਕ ਘੰਟੇ ਤੱਕ ਸਮਾਜ ਦੀ ਦਸ਼ਾ ਅਤੇ ਦਿਸ਼ਾ ਤੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਜਿਸ ਨਾਲ ਲੋਕਾਂ ਵਿੱਚ ਜਾਗਰੂਕਤਾ ਦੀ ਲਹਿਰ ਦੌੜ ਗਈ.
ਲਗਾਤਰ ਅਤੇ ਅਣਥੱਕ ਯਾਤਰਾਵਾਂ ਵਿੱਚ ਆਪਜੀ ਨੂੰ ਅਨੇਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਦੇ ਨਾਲ਼ ਨਾਲ਼ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ. ਕਈ ਵਾਰ ਭੁੱਖ ਨਾਲ਼ ਵੀ ਦੋ ਚਾਰ ਹੋਣਾ ਪਿਆ. ਇਸ ਦੌਰਾਨ ਘਰ ਵਿੱਚ ਬੇਟੀ ਬਾਰਕਾ ਦੀ ਪੈਦਾਇਸ਼ ਹੋਈ, ਪਰ ਪੂਰਾ ਪਰਿਵਾਰ ਕਰਜ਼ ਵਿੱਚ ਡੁੱਬਿਆ ਹੋਇਆ ਸੀ, ਇੱਥੋਂ ਤੱਕ ਕਿ ਭੁੱਖੇ ਰਹਿਣ ਦੀ ਨੌਬਤ ਆ ਗਈ.
ਲਗਭੱਗ ਉਸੇ ਸਮੇਂ ਹੀ ਪਟਨਾ ਵਿੱਚ ਆਰੀਆ ਸਮਾਜੀਆਂ ਨੇ ਮੁਨਾਜ਼ਰੇ ਵਿੱਚ ਉਲੇਮਾ ਨੂੰ ਪਛਾੜ ਰੱਖਿਆ ਸੀ, ਅਤੇ ਕਿਸੇ ਕੋਲ਼ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਸਨ, ਜਦ ਇਸਦੀ ਖਬਰ ਮੌਲਾਨਾ ਜੀ ਨੂੰ ਹੋਈ ਤਾਂ ਆਪਣੇ ਦੋਸਤ ਤੋਂ ਕਿਰਾਏ ਲਈ ਕਰਜ਼ ਲਿਆ ਅਤੇ ਰਸਤੇ ਦੇ ਖਾਣੇ ਲਈ ਮੱਕੀ ਦਾ ਭੁਜਿਆ ਚਬੈਨਾ ਥੈਲੇ ਵਿੱਚ ਪਾ ਕੇ ਪਟਨਾ ਪਹੁੰਚੇ, ਉੱਥੇ ਆਪਣੀਆਂ ਦਲੀਲਾਂ ਨਾਲ਼ ਆਰੀਆ ਸਮਾਜੀਆਂ ਨੂੰ ਅਜਿਹਾ ਪਰਾਜਿਤ ਕੀਤਾ ਕਿ ਉਹਨਾਂ ਨੂੰ ਭੱਜਣਾ ਪਿਆ.
ਆਪਣੀਆਂ ਤਮਾਮ ਪ੍ਰੇਸ਼ਾਨੀਆਂ, ਚਿੰਤਾਵਾਂ ਅਤੇ ਲਗਾਤਾਰ ਯਾਤਰਾਵਾਂ ਦੇ ਬਾਵਜੂਦ ਵੀ ਖੱਤ ਅਤੇ ਰੋਜਨਾਮਚਾ (ਡੈਲੀ ਡਾਇਰੀ) ਲਿਖਣ ਤੋਂ ਇਲਾਵਾ ਅਖਬਾਰ, ਪੱਤ੍ਰਿਕਾਵਾਂ ਅਤੇ ਪੁਸਤਕਾਂ ਦਾ ਅਧਿਐਨ ਕਰਨਾ ਕਦੇ ਨਹੀਂ ਛੱਡਿਆ. ਇਹ ਅਧਿਐਨ ਸਿਰਫ਼ ਅਧਿਐਨ, ਜਾਂ ਕੇਵਲ ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ਨੂੰ ਜਾਨਣ ਤੱਕ ਹੀ ਸੀਮਿਤ ਨਹੀਂ ਸੀ ,ਬਲਕਿ ਵਿਗਿਆਨ, ਸਾਹਿਤ ਅਤੇ ਇਤਿਹਾਸਕ ਤੱਥਾਂ ਦੀ ਸੋਧ ਅਤੇ ਉਹਨਾਂ ਦੀਆਂ ਜੜਾਂ ਤੱਕ ਪਹੁੰਚਣਾ ਚਾਹੁੰਦੇ ਸਨ. ਇਸ ਮਾਮਲੇ ਵਿੱਚ ਉਸ ਸਮੇਂ ਦੇ ਪ੍ਰਸਿੱਧ ਅਖਬਾਰਾਂ ਅਤੇ ਪੱਤ੍ਰਿਕਾਵਾਂ ਦੇ ਸੰਪਾਦਕਾਂ ਨੂੰ ਪੱਤਰ ਲਿਖਣ ਤੋਂ ਵੀ ਸੰਕੋਚ ਨਹੀਂ ਸਨ ਕਰਦੇ.
ਅਗਸਤ, 1924 ਈਸਵੀ ਵਿੱਚ ਸਮਰਪਿਤ ਲੋਕਾਂ ਦੀ ਠੋਸ ਤਰਬੀਅਤ ਦੇ ਲਈ “ਮਜਲਿਸ-ਏ-ਮਿਸਾਕ” (ਪ੍ਰਤਿੱਗਿਆ ਸੈੱਲ) ਨਾਮਕ ਇੱਕ ਕੋਰ ਕਮੇਟੀ ਦਾ ਨਿਰਮਾਣ ਕੀਤਾ.
6 ਜੁਲਾਈ 1925 ਈਸਵੀ ਨੂੰ “ਮਜਲਿਸ-ਏ-ਮਿਸਾਕ” ਨੇ ਅਲ ਇਕਰਾਮ ਨਾਮਕ ਇੱਕ ਪਤ੍ਰਿਕਾ ਦਾ ਪ੍ਰਕਾਸ਼ਨ ਸ਼ੁਰੂ ਕੀਤਾ, ਤਾਂਕਿ ਅੰਦੋਲਨ ਨੂੰ ਹੋਰ ਮਜਬੂਤ ਕੀਤਾ ਜਾ ਸਕੇ.
1926 ਈਸਵੀ ਨੂੰ ਦਾਰੂਤਰਬਿਯਤ (ਟਰੇਨਿੰਗ ਕੇਂਦਰ) ਨਾਮਕ ਸਿੱਖਿਆ ਸੰਸਥਾ ਅਤੇ ਲਾਇਬਰੇਰੀ ਦਾ ਇੱਕ ਜਾਲ਼ ਵਿਛਾਉਣ ਸ਼ੁਰੂ ਕੀਤਾ ਗਿਆ
ਬੁਨਕਰੀ ਦੇ ਕੰਮ ਨੂੰ ਸੰਗਠਿਤ ਅਤੇ ਮਜਬੂਤ ਕਰਨ ਦੇ ਲਈ ਭਾਰਤ ਸਰਕਾਰ ਦੀ ਸੰਸਥਾ ਕੋਆਪ੍ਰੇਟਿਵ ਸੋਸਾਇਟੀ ਤੋਂ ਭਰਪੂਰ ਸਹਾਇਤਾ ਲੈਣ ਦੇ ਲਈ 26 ਜੁਲਾਈ 1927 ਈਸਵੀ ਨੂੰ “ਬਿਹਾਰ ਵੀਵਰਸ ਐਸੋਸੀਏਸ਼ਨ” (ਬਿਹਾਰ ਜੁਲਾਹਾ ਸੰਘ) ਦੀ ਸਥਾਪਨਾ ਕੀਤੀ, ਜਿਸਦੀਆਂ ਸ਼ਾਖਾਵਾਂ ਕੋਲਕਾਤਾ ਸਹਿਤ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਸਥਾਪਿਤ ਕੀਤੀਆਂ ਗਈਆਂ.
1927 ਵਿੱਚ ਬਿਹਾਰ ਨੂੰ ਸੰਗਠਿਤ ਕਰਨ ਤੋਂ ਬਾਅਦ ਆਸੀਮ ਬਿਹਾਰੀ ਨੇ ਯੂਪੀ ਵੱਲ ਰੁੱਖ ਕੀਤਾ, ਆਪਨੇ ਗੋਰਖਪੁਰ, ਬਨਾਰਸ, ਇਲਾਹਾਬਾਦ, ਮੁਰਾਦਾਬਾਦ, ਲਖੀਮਪੁਰ ਖੀਰੀ, ਅਤੇ ਹੋਰ ਜ਼ਿਲ੍ਹਿਆਂ ਦਾ ਤੂਫ਼ਾਨੀ ਦੌਰਾ ਕੀਤਾ
ਯੂਪੀ ਤੋਂ ਬਾਅਦ ਦਿੱਲੀ ਅਤੇ ਪੰਜਾਬ ਦੇ ਇਲਾਕੇ ਵਿੱਚ ਵੀ ਸੰਗਠਨ ਨੂੰ ਖੜਾ ਕੀਤਾ.
18 ਅਪ੍ਰੈਲ 1928 ਈਸਵੀ ਨੂੰ ਕੋਲਕਾਤਾ ਵਿੱਚ ਪਹਿਲਾ ਅਖਿਲ ਭਾਰਤੀ ਪੱਧਰ ਦਾ ਸੰਮੇਲਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ.
ਮਾਰਚ 1929 ਵਿੱਚ ਦੂਸਰਾ ਆਲ ਇੰਡੀਆ ਸੰਮੇਲਨ ਇਲਾਹਾਬਾਦ, ਤੀਸਰਾ ਅਕਤੂਬਰ 1931 ਨੂੰ ਦਿੱਲੀ ਵਿੱਚ, ਚੌਥਾ ਲਾਹੌਰ, ਪੰਜਵਾਂ ਗਯਾ ਵਿੱਚ ਨਵੰਬਰ 1932 ਵਿੱਚ ਆਯੋਜਿਤ ਕੀਤਾ ਗਿਆ. ਗਯਾ ਦੇ ਸੰਮੇਲਨ ਵਿੱਚ ਸੰਗਠਨ ਦਾ ਮਹਿਲਾ ਵਿਭਾਗ ਵੀ ਹੋਂਦ ਵਿੱਚ ਆਇਆ. ਖਾਲਿਦਾ ਖਾਤੂਨ, ਜੈਤੂਨ ਅਸਗਰ, ਬੇਗ਼ਮ ਮੋਇਨਾ ਗੌਸ ਆਦਿ ਮਹਿਲਾ ਵਿਭਾਗ ਦੇ ਪ੍ਰਮੁੱਖ ਨਾਮ ਹਨ. ਇਸਦੇ ਇਲਾਵਾ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ “ਮੋਮਿਨ ਨੌਜਵਾਨ ਕਾਂਗਰਸ” ਦੀ ਵੀ ਸਥਾਪਨਾ ਕੀਤੀ ਗਈ, ਨਾਲ਼ ਹੀ “ਮੋਮਿਨ ਸਕਾਊਟ” ਵੀ ਕਦਮ ਨਾਲ਼ ਕਦਮ ਮਿਲਾ ਕੇ ਚੱਲ ਰਹੀ ਸੀ. ਇਸਦੇ ਨਾਲ਼ ਨਾਲ਼ ਕਾਨਪੁਰ, ਗੋਰਖਪੁਰ, ਦਿੱਲੀ, ਨਾਗਪੁਰ ਅਤੇ ਪਟਨਾ ਵਿੱਚ ਪ੍ਰਦੇਸ਼ ਪੱਧਰ ਦੇ ਸੰਮੇਲਨ ਆਯੋਜਿਤ ਕੀਤੇ ਜਾਂਦੇ ਰਹੇ.
ਇਸ ਪ੍ਰਕਾਰ ਮੁੰਬਈ, ਨਾਗਪੁਰ, ਹੈਦਰਾਬਾਦ, ਚੇਨਈ ਇੱਥੋਂ ਤੱਕ ਕਿ ਲੰਕਾ ਅਤੇ ਬਰਮਾ ਵਿੱਚ ਵੀ ਸੰਗਠਨ ਖੜ੍ਹਾ ਹੋ ਗਿਆ ਅਤੇ ਜਮੀਯਤੁਲ ਮੋਮਿਨੀਨ (ਮੋਮਿਨ ਕਾਨਫਰੰਸ) ਆਲ ਇੰਡੀਆ ਤੋਂ ਉੱਪਰ ਉੱਠਕੇ ਅੰਤਰਰਾਸ਼ਟਰੀ ਸੰਗਠਨ ਬਣ ਗਿਆ. 1938 ਵਿੱਚ ਦੇਸ਼ ਵਿਦੇਸ਼ ਵਿੱਚ ਸੰਗਠਨ ਦੀਆਂ ਲਗਭੱਗ 2000 ਬ੍ਰਾਂਚਾਂ ਸਨ.
ਕਾਨਪੁਰ ਤੋਂ ਇੱਕ ਹਫਤਾਵਾਰ ਪਤ੍ਰਿਕਾ “ਮੋਮਿਨ ਗੈਜੇਟ” ਦਾ ਵੀ ਪ੍ਰਕਾਸ਼ਨ ਹੋਣ ਲੱਗਾ.
ਸੰਗਠਨ ਵਿੱਚ ਖ਼ੁਦ ਨੂੰ ਹਮੇਸ਼ਾ ਪਿੱਛੇ ਰੱਖਦੇ ਅਤੇ ਦੂਸਰਿਆਂ ਨੂੰ ਅੱਗੇ ਵਧਾਉਂਦੇ ਹੋਏ, ਆਪਣੇ ਆਪ ਨੂੰ ਕਦੇ ਵੀ ਸੰਗਠਨ ਦਾ ਪ੍ਰਧਾਨ ਨਹੀਂ ਬਣਾਇਆ. ਲੋਕਾਂ ਦੇ ਬੇਨਤੀ ਕਰਨ ਤੇ ਵੀ ਆਪਣੇ ਆਪ ਨੂੰ ਮਹਾਂ ਸਚਿਵ ਤੱਕ ਸੀਮਿਤ ਰੱਖਿਆ. ਸੰਗਠਨ ਦਾ ਕੰਮ ਜਦ ਬਹੁਤ ਵਧ ਗਿਆ, ਅਤੇ ਮੌਲਾਨਾ ਕੋਲ਼ ਆਪਣੀ ਰੋਟੀ ਅਤੇ ਪਰਿਵਾਰ ਪਾਲਣ ਲਈ ਮਿਹਨਤ ਮਜ਼ਦੂਰੀ ਦਾ ਸਮਾਂ ਬਿਲਕੁਲ ਨਹੀਂ ਰਿਹਾ, ਤਾਂ ਇਸ ਹਾਲਤ ਵਿੱਚ ਸੰਗਠਨ ਨੇ ਬਹੁਤ ਹੀ ਮਾਮੂਲੀ ਰਕਮ ਮਹਿਨੇ ਦੀ ਦੇਣੀ ਨਿਸਚਿਤ ਕੀਤੀ, ਪਰ ਅਫਸੋਸ ਕਿ ਇਹ ਰਕਮ ਵੀ ਕਦੇ ਸਮੇਂ ਤੇ ਅਤੇ ਪੂਰੀ ਨਹੀਂ ਮਿਲ਼ੀ.
ਜਿੱਥੇ ਕਿਤੇ ਵੀ ਮੋਮਿਨ ਕਾਨਫਰੰਸ ਦੀ ਸਾਖਾ ਖੋਲੀ ਜਾਂਦੀ ਸੀ, ਉੱਥੇ ਲਗਾਤਾਰ ਛੋਟੀਆਂ ਛੋਟੀਆਂ ਬੈਠਕਾਂ ਦਾ ਆਯੋਜਨ ਕੀਤਾ ਜਾਂਦਾ ਰਿਹਾ, ਨਾਲ਼ ਹੀ ਸਿੱਖਿਆ ਅਤੇ ਰੋਜ਼ਗਾਰ ਟਰੇਨਿੰਗ ਕੇਂਦਰ (ਦਾਰੂਤਰਬਿਯਤ) ਅਤੇ ਲਾਇਬਰੇਰੀ ਵੀ ਸਥਾਪਿਤ ਕੀਤੀ ਜਾਂਦੀ ਸੀ.
ਮੌਲਾਨਾ ਦੀ ਸ਼ੁਰੂ ਤੋਂ ਇਹ ਕੋਸ਼ਿਸ਼ ਰਹੀ ਕਿ ਅੰਸਾਰੀ ਜਾਤੀ ਤੋਂ ਇਲਾਵਾ ਹੋਰ ਦੂਸਰੀਆਂ ਪਸਮਾਂਦਾ ਜਾਤੀਆਂ ਨੂੰ ਵੀ ਜਾਗਰੂਕ, ਕਿਰਿਆਸ਼ੀਲ ਅਤੇ ਸੰਗਠਿਤ ਕੀਤਾ ਜਾਵੇ. ਇਸਲਈ ਉਹ ਹਰ ਸੰਮੇਲਨ ਵਿੱਚ ਹੋਰ ਪਸਮਾਂਦਾ ਜਾਤੀਆਂ ਦੇ ਲੋਕਾਂ ਨੇਤਾਵਾਂ ਅਤੇ ਸੰਗਠਨਾਂ ਨੂੰ ਜੋੜਦੇ ਸਨ, ਮੋਮਿਨ ਗੈਜੇਟ ਵਿੱਚ ਉਹਨਾਂ ਦੇ ਵਿਚਾਰਾਂ ਨੂੰ ਵੀ ਬਰਾਬਰ ਸਥਾਨ ਦਿੱਤਾ ਜਾਂਦਾ ਸੀ. ਜਿਵੇਂ ਕਿ ਉਹਨਾਂ ਨੇ 16 ਨਵੰਬਰ 1930 ਇਸਵੀ ਵਿੱਚ ਸਾਰੀਆਂ ਪਸਮਾਂਦਾ ਜਾਤੀਆਂ ਦਾ ਇੱਕ ਸੰਯੁਕਤ ਰਾਜਨੀਤਕ ਦਲ “ਮੁਸਲਿਮ ਲੇਬਰ ਫੈਡਰੇਸ਼ਨ” ਨਾਂ ਨਾਲ਼ ਬਣਾਉਣ ਦਾ ਪ੍ਰਸਤਾਵ ਇਸ ਸ਼ਰਤ ਤੇ ਪੇਸ਼ ਕੀਤਾ ਕਿ ਮੂਲ ਸੰਗਠਨ ਦਾ ਸਮਾਜਿਕ ਅੰਦੋਲਨ ਪ੍ਰਭਾਵਿਤ ਨ ਹੋਵੇ. 17 ਅਕਤੂਬਰ 1931 ਨੂੰ ਉਸ ਸਮੇਂ ਦੇ ਸਾਰੇ ਪਸਮਾਂਦਾ ਜਾਤੀਆਂ ਦੇ ਸੰਗਠਨਾਂ ਦੇ ਆਧਾਰ ਤੇ ਸੰਯੁਕਤ ਸੰਗਠਨ “ਬੋਰਡ ਆਫ ਮੁਸਲਿਮ ਵੋਕੇਸ਼ਨਲ ਐਂਡ ਇੰਡਸਟਰੀ ਕਲਾਸੇਜ” ਦੀ ਸਥਾਪਨਾ ਕੀਤੀ ਗਈ ਅਤੇ ਸਰਵਸੰਮਤੀ ਨਾਲ਼ ਉਸਦੇ ਸੰਰਖਿਅਕ ਬਣਾਏ ਗਏ.
ਇਸ ਦੌਰਾਨ ਹੀ ਵਿਚਕਾਰਲੇ ਭਰਾ ਦੀ ਗੰਭੀਰ ਬੀਮਾਰ ਹੋਣ ਦੀ ਖ਼ਬਰ ਮਿਲ਼ੀ ਕਿ “ਜਲਦੀ ਆ ਜਾਵੋ, ਅੱਜਕਲ ਦਾ ਹੀ ਮਹਿਮਾਨ ਹੈ” ਪਰ ਲਗਾਤਾਰ ਦੌਰਿਆਂ ਵਿੱਚ ਰੁੱਝੇ ਹੋਣ ਕਾਰਨ ਘਰ ਨਾ ਜਾ ਸਕੇ, ਇੱਥੋਂ ਤੱਕ ਕਿ ਛੋਟੇ ਭਰਾ ਦੀ ਮੌਤ ਹੋ ਗਈ. ਛੋਟੇ ਭਰਾ ਨਾਲ਼ ਆਖ਼ਿਰੀ ਮੁਲਾਕਾਤ ਵੀ ਨਾ ਹੋ ਸਕੀ.
1935-36 ਦੇ ਅੰਤਰਿਮ ਸਰਕਾਰ ਦੀਆਂ ਚੋਣਾਂ ਵਿੱਚ ਮੋਮਿਨ ਕਾਨਫਰੰਸ ਦੇ ਵੀ ਉਮੀਦਵਾਰ ਪੂਰੇ ਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਜਿੱਤ ਕੇ ਆਏ. ਨਤੀਜੇ ਵਜੋਂ ਵੱਡੇ ਵੱਡੇ ਲੋਕਾਂ ਨੂੰ ਵੀ ਪਸਮਾਂਦਾ ਅੰਦੋਲਨ ਦੀ ਸ਼ਕਤੀ ਦਾ ਅਹਿਸਾਸ ਹੋਇਆ, ਇੱਥੋਂ ਹੀ ਅੰਦੋਲਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ.
ਪਹਿਲਾਂ ਤੋਂ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਐਕਟਿਵ ਉੱਚ ਅਸ਼ਰਫ ਮੁਸਲਿਮ ਵਰਗ ਨੇ ਮੋਮਿਨ ਕਾਨਫਰੰਸ ਅਤੇ ਇਸਦੇ ਨੇਤਾਵਾਂ ਉੱਪਰ ਤਰ੍ਹਾਂ ਤਰ੍ਹਾਂ ਦੇ ਆਰੋਪ, ਧਾਰਮਿਕ ਫਤਵੇ, ਲੇਖ-ਲੇਖਣੀ, ਪੱਤ੍ਰਿਕਾਵਾਂ ਦੁਆਰਾ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਬੁਨਕਰ ਜਾਤੀ ਦਾ ਚਰਿੱਤਰ ਹਰਨ ਕਰਦਾ ਗੀਤ “ਜੁਲਾਹਾ ਨਾਮਾ” ਵੀ ਪ੍ਰਕਾਸ਼ਿਤ ਕੀਤਾ ਗਿਆ. ਕਾਨਪੁਰ ਵਿੱਚ ਚੋਣ ਪ੍ਰਚਾਰ ਦੌਰਾਨ ਅਬਦੁੱਲਾ ਨਾਮਕ ਇੱਕ ਪਸਮਾਂਦਾ ਵਰਕਰ ਦੀ ਹੱਤਿਆ ਵੀ ਕਰ ਦਿੱਤੀ ਗਈ. ਇੱਥੋਂ ਤੱਕ ਕਿ ਬੁਨਕਰ ਜਾਤੀ ਦੇ ਚਰਿੱਤਰ ਹਰਨ ਕਰਨ ਵਾਲ਼ਾ “ਜੁਲਾਹਾ ਨਾਮਾ” (ਕਾਜ਼ੀ ਤਲਮੁੱਜ ਹੁਸੈਨ ਗੋਰਖਪੁਰੀ) ਅਤੇ “ਫਿਤਨਾ-ਏ-ਜੁਲਾਹਾ” (ਹਾਮਿਦ ਹੁਸੈਨ ਸਿੱਦਿਕੀ ਇਲਾਹਾਬਾਦੀ) ਵੀ ਪ੍ਰਕਾਸ਼ਿਤ ਕੀਤਾ ਗਿਆ.
ਉਂਝ ਤਾਂ ਆਮ ਤੌਰ ਤੇ ਮੌਲਾਨਾ ਦਾ ਭਾਸ਼ਣ ਲਗਭਗ 2 ਤੋਂ 3 ਘੰਟਿਆਂ ਦਾ ਹੋਇਆ ਕਰਦਾ ਸੀ, ਪਰ 13 ਸਿਤੰਬਰ 1938 ਈਸਵੀ ਨੂੰ ਕਨੌਜ ਵਿੱਚ ਦਿੱਤਾ ਗਿਆ 5 ਘੰਟੇ ਦਾ ਭਾਸ਼ਣ ਅਤੇ 25 ਅਕਤੂਬਰ 1934 ਈਸਵੀ ਨੂੰ ਕੋਲਕਾਤਾ ਵਿੱਚ ਦਿੱਤਾ ਗਿਆ ਪੂਰੀ ਰਾਤ ਦਾ ਭਾਸ਼ਣ ਮਾਨਵ ਇਤਿਹਾਸ ਦਾ ਇੱਕ ਮਹੱਤਵਪੂਰਨ ਕੀਰਤੀਮਾਨ ਹੈ.
ਭਾਰਤ ਛੱਡੋ ਅੰਦੋਲਨ ਵਿੱਚ ਵੀ ਮੌਲਾਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ. 1940 ਈਸਵੀ ਵਿੱਚ ਆਪ ਨੇ ਦੇਸ਼ ਦੇ ਬਟਵਾਰੇ ਦੇ ਵਿਰੁੱਧ ਵਿੱਚ ਦਿੱਲੀ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕਰਵਾਇਆ ਜਿਸ ਵਿੱਚ ਲਗਭੱਗ 40000 ਪਸਮਾਂਦਾ ਸ਼ਾਮਿਲ ਹੋਏ.
1946 ਦੀਆਂ ਚੋਣਾਂ ਵਿੱਚ ਵੀ ਜਮੀਯਤੁਲ ਮੋਮਿਨੀਨ (ਮੋਮਿਨ ਕਾਨਫਰੰਸ) ਦੇ ਉਮੀਦਵਾਰ ਕਾਮਯਾਬ ਹੋਏ ਅਤੇ ਕਈ ਨੇ ਤਾਂ ਮੁਸਲਿਮ ਲੀਗ ਦੇ ਖ਼ਿਲਾਫ਼ ਜਿੱਤ ਪ੍ਰਾਪਤ ਕੀਤੀ.
1947 ਵਿੱਚ ਦੇਸ਼ ਦੇ ਬਟਵਾਰੇ ਦੇ ਤੂਫਾਨ ਦੇ ਬਾਅਦ, ਪਸਮਾਂਦਾ ਸਮਾਜ ਨੂੰ ਫਿਰ ਤੋਂ ਖੜ੍ਹਾ ਕਰਨ ਲਈ ਜੀਅ ਜਾਨ ਨਾਲ਼ ਲੱਗ ਗਏ. ਮੋਮਿਨ ਗੈਜੇਟ ਦਾ ਇਲਾਹਾਬਾਦ ਅਤੇ ਬਿਹਾਰ ਸ਼ਰੀਫ਼ ਤੋਂ ਫਿਰ ਤੋਂ ਪ੍ਰਕਾਸ਼ਨ ਸੁਨਿਸਚਿਤ ਕੀਤਾ.
ਮੌਲਾਨਾ ਦੀ ਦਿਨ ਪ੍ਰਤੀ ਦਿਨ ਡਿੱਗਦੀ ਸਿਹਤ ਨੇ ਉਹਨਾਂ ਦੀ ਅਣਥੱਕ ਮਿਹਨਤ, ਦੌਰਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ, ਪ੍ਰੰਤੂ ਆਪ ਹਜ਼ਰਤ ਅਯੂਬ ਅੰਸਾਰੀ (ਰ੦ਜ਼੦) ਦੀ ਸੁੰਨਤ ਨੂੰ ਜ਼ਿੰਦਾ ਰੱਖਣ ਲਈ ਬਜ਼ਿੱਦ ਸਨ. ਜਦ ਇਲਾਹਾਬਾਦ ਦੇ ਦੌਰੇ ਤੇ ਪਹੁੰਚੇ ਤਾਂ ਜਿਸਮ ਵਿੱਚ ਇੱਕ ਕਦਮ ਵੀ ਚੱਲਣ ਦੀ ਤਾਕਤ ਨਹੀਂ ਬਚੀ ਸੀ. ਇਸ ਹਾਲਤ ਵਿੱਚ ਵੀ ਯੂਪੀ ਪ੍ਰਦੇਸ਼ ਜਮੀਯਤੁਲ ਮੋਮਿਨੀਨ ਦੇ ਸੰਮੇਲਨ ਦੀਆਂ ਤਿਆਰੀਆਂ ਵਿੱਚ ਲੱਗੇ ਰਹੇ ਅਤੇ ਲੋਕਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹੇ.
ਪ੍ਰੰਤੂ ਈਸ਼ਵਰ ਨੇ ਆਪ ਜੀ ਤੋਂ ਜਿੰਨਾ ਕੰਮ ਲੈਣਾ ਸੀ, ਲੈ ਚੁੱਕਾ ਸੀ, 5 ਦਿਸੰਬਰ ਦੀ ਸ਼ਾਮ ਨੂੰ ਅਚਾਨਕ ਦੌਰਾ ਪਿਆ ਅਤੇ ਸ਼ਾਹ ਲੈਣ ਵਿੱਚ ਤਕਲੀਫ ਹੋਣ ਲੱਗੀ, ਦਿਲ ਵਿੱਚ ਅੰਤਾਂ ਦਾ ਦਰਦ ਅਤੇ ਬੇਚੈਨੀ ਦੀ ਹਾਲਤ ਪੈਦਾ ਹੋ ਗਈ, ਚੇਹਰਾ ਪਸੀਨੇ ਨਾਲ਼ ਤਰ ਹੋ ਗਿਆ ਸੀ, ਬੇਹੋਸ਼ ਹੋ ਗਏ, ਰਾਤ 2 ਬਜੇ ਦੇ ਕਰੀਬ ਆਪਣੇ ਆਪ ਨੂੰ ਬੇਟੇ ਹਾਰੂਨ ਅਾਸਿਮ ਦੀ ਗੋਦ ਵਿੱਚ ਪਾਇਆ, ਇਸ਼ਾਰੇ ਨਾਲ਼ ਆਪਣੇ ਸਿਰ ਨੂੰ ਜ਼ਮੀਨ ਤੇ ਰੱਖਣ ਨੂੰ ਕਿਹਾ, ਤਾਂ ਕਿ ਅੱਲਾਹ ਦੀ ਹਜ਼ੂਰੀ ਵਿੱਚ ਸਜਦਾ ਕਰ ਸਕਣ ਅਤੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗ ਸਕਣ, ਅਤੇ ਇਸ ਹਾਲਤ ਵਿੱਚ 6 ਦਿਸੰਬਰ 1953 ਈਸਵੀ ਦਿਨ ਐਤਵਾਰ ਦੇ ਦਿਨ ਹਾਜ਼ੀ ਕਮਰੂਦੀਨ ਸਾਹਿਬ ਦੇ ਮਕਾਨ, ਅਟਾਲਾ, ਇਲਾਹਾਬਾਦ ਵਿੱਚ ਨਾਸ਼ਵਰ ਸਰੀਰ ਨੂੰ ਤਿਆਗ ਦਿੱਤਾ.
ਆਪਣੇ 40 ਸਾਲ ਦੀ ਸਰਗਰਮ ਅਤੇ ਸਕ੍ਰਿਯ ਜੀਵਨ ਵਿੱਚ ਮੌਲਾਨਾ ਨੇ ਆਪਣੇ ਲਈ ਕੁਝ ਨਾ ਕੀਤਾ, ਅਤੇ ਕੁਝ ਕਰਨ ਲਈ ਸਮਾਂ ਵੀ ਕਿੱਥੇ ਸੀ?. ਪਰ ਜੇਕਰ ਉਹ ਚਾਹੁੰਦੇ ਤਾਂ ਇਸ ਹਾਲਤ ਵਿੱਚ ਵੀ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਜ਼ਿੰਦਗੀ ਦਾ ਸਮਾਨ ਇਕੱਠਾ ਕਰ ਸਕਦੇ ਸਨ, ਪਰ ਆਪ ਨੇ ਇਸ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ. ਮੌਲਾਨਾ ਜ਼ਿੰਦਗੀ ਭਰ ਦੂਜਿਆਂ ਦੇ ਘਰਾਂ ਵਿੱਚ ਦੀਵਾ ਜਲਾਉਂਦੇ ਰਹੇ ਅਤੇ ਆਪਣੇ ਘਰ ਨੂੰ ਇੱਕ ਛੋਟੇ ਜਿਹੇ ਦੀਵੇ ਨਾਲ਼ ਵੀ ਰੁਸ਼ਨਾਉਣ ਦੀ ਕੋਸ਼ਿਸ਼ ਨਹੀਂ ਕੀਤੀ.
ਆਸਿਮ ਬਿਹਾਰੀ ਹਮੇਸ਼ਾਂ ਲਈ ਜੁਦਾ ਹੋ ਗਏ, ਉਹਨਾਂ ਨੇ ਖੁਦ ਮੌਤ ਦੀ ਚਾਦਰ ਲਪੇਟ ਲਈ, ਪਰ ਸਮਾਜ ਨੂੰ ਜ਼ਿੰਦਾ ਕਰ ਗਏ. ਉਹ ਖੁਦ ਸਵਪਰਲੋਕ ਸੁਧਾਰ ਗਏ, ਪਰ ਸਮਾਜ ਨੂੰ ਜਗਾਉਣ ਤੋਂ ਬਾਅਦ, ਉਹ ਅਜਿਹੀ ਡੂੰਘੀ ਨੀਂਦ ਸੌਂ ਗਏ ਹਨ ਕਿ ਫਿਰ ਕਦੇ ਜਾਗ੍ਰਤ ਨਾ ਹੋਣ, ਲੇਕਿਨ ਸਮਾਜ ਨੂੰ ਉਹਨਾਂ ਨੇ ਅਜਿਹਾ ਜਾਗ੍ਰਤ ਕੀਤਾ ਹੈ ਕਿ ਉਸਨੂੰ ਕਦੇ ਨੀਂਦ ਨਾ ਆ ਸਕੇਗੀ.
ਧੰਨਵਾਦ : ਮੈਂ ਪ੍ਰੋਫੈਸਰ ਅਹਿਮਦ ਸੱਜਾਦ ਜੀ ਦਾ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਸਮੇਂ ਸਮੇਂ ਤੇ ਫੋਨ ਉੱਪਰ, ਆਹਮਣੇ ਸਾਹਮਣੇ ਹੋਈ ਵਾਰਤਾਲਾਪ ਕੀਤੀ ਅਤੇ ਉਹਨਾਂ ਦੁਆਰਾ ਲਿਖੀ ਗਈ ਆਸਿਮ ਬਿਹਾਰੀ ਦੀ ਜੀਵਨੀ “ਬੰਦਏ ਮੋਮਿਨ ਕਾ ਹਾਥ” (ਉਰਦੂ) ਦੇ ਬਿਨਾਂ ਇਹ ਲੇਖ ਲਿਖਣਾ ਸੰਭਵ ਨਹੀਂ ਹੋਣਾ ਸੀ.
ਲੇਖਕ: ਫੈਯਾਜ਼ ਅਹਿਮਦ ਫੈਜ਼ੀ
ਅਨੁਵਾਦਕ: ਗੁਰਮੀਤ ਸਿੰਘ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੇ ਭੂਗੋਲ ਵਿਸ਼ੇ ਦੇ ਖੋਜ ਵਿਦਿਆਰਥੀ ਅਤੇ ਸਮਾਜਿਕ ਆਰਥਿਕ ਮੁੱਦਿਆਂ ਦੇ ਮਾਹਿਰ ਹਨ.